ਲੌਂਗ COVID ਕੀ ਹੈ?
COVID-19 ਨਾਲ ਸੰਕਰਮਿਤ ਹੋਣ ਤੋਂ ਬਾਅਦ ਕੁਝ ਲੋਕਾਂ ਵਿੱਚ ਸੰਕਰਮਣ ਦੇ ਲੱਛਣ ਅਤੇ ਲੰਬੇ ਸਮੇਂ ਤੱਕ ਇਸਦੇ ਪ੍ਰਭਾਵ ਜਾਰੀ ਰਹਿ ਸਕਦੇ ਹਨ, ਇਸ ਸਥਿਤੀ ਨੂੰ "ਲੌਂਗ COVID" ਜਾਂ "ਪੋਸਟ-COVID ਸਿੰਡਰੋਮ" ਕਿਹਾ ਜਾਂਦਾ ਹੈ। ਲੌਂਗ COVID ਬਾਰੇ ਅਜੇ ਵੀ ਬਹੁਤ ਕੁਝ ਜਾਣਨਾ ਬਾਕੀ ਹੈ। ਲੌਂਗ COVID 'ਤੇ ਖੋਜ ਜਾਰੀ ਹੈ ਅਤੇ ਅਸੀਂ ਇਸ ਬਾਰੇ ਹੋਰ ਜਾਣਕਾਰੀ ਇਕੱਤਰ ਕਰਦੇ ਰਹਾਂਗੇ।
ਲੌਂਗ COVID ਦੇ ਲੱਛਣ
ਲੌਂਗ COVID ਨਾਲ ਪੀੜਤ ਲੋਕਾਂ ਵਿੱਚ ਕਈ ਤਰ੍ਹਾਂ ਦੇ ਲੱਛਣ ਹੋ ਸਕਦੇ ਹਨ ਜੋ ਸੰਕਰਮਿਤ ਹੋਣ ਤੋਂ ਬਾਅਦ ਕਈ ਹਫ਼ਤਿਆਂ, ਮਹੀਨਿਆਂ ਜਾਂ ਸਾਲਾਂ ਤੱਕ ਮਹਿਸੂਸ ਹੋ ਸਕਦੇ ਹਨ।
ਲੱਛਣਾਂ ਵਿੱਚ ਨਿਮਨਲਿਖਤ ਸ਼ਾਮਲ ਹਨ, ਪਰ ਇੱਥੇ ਤੱਕ ਹੀ ਸੀਮਤ ਨਹੀਂ ਹਨ:
- ਥੱਕਿਆ ਮਹਿਸੂਸ ਹੋਣਾ, ਖਾਸ ਕਰਕੇ ਮਾਨਸਿਕ ਜਾਂ ਸਰੀਰਕ ਮਿਹਨਤ ਤੋਂ ਬਾਅਦ
- ਬੁਖਾਰ
- ਸਾਹ ਲੈਣ ਵਿੱਚ ਤਕਲੀਫ਼
- ਖੰਘ
- ਛਾਤੀ ਵਿੱਚ ਦਰਦ
- ਗੰਧ ਅਤੇ/ਜਾਂ ਸਵਾਦ ਵਿੱਚ ਤਬਦੀਲੀ
- ਸੋਚਣ ਜਾਂ ਧਿਆਨ ਲਾਉਣ ਵਿੱਚ ਮੁਸ਼ਕਿਲ ਜਾਂ "ਬਰੇਨ ਫੋਗ"
- ਸਿਰ ਦਰਦ
- ਪੇਟ ਦਰਦ
- ਮਾਹਵਾਰੀ ਚੱਕਰ ਵਿੱਚ ਤਬਦੀਲੀਆਂ
ਲੌਂਗ COVID ਕਿਸ ਨੂੰ ਹੋ ਸਕਦਾ ਹੈ?
COVID-19 ਨਾਲ ਸੰਕਰਮਿਤ ਕਿਸੇ ਵੀ ਵਿਅਕਤੀ ਨੂੰ ਲੌਂਗ COVID ਹੋ ਸਕਦਾ ਹੈ। ਇਹ ਉਹਨਾਂ ਲੋਕਾਂ ਵਿੱਚ ਵਧੇਰੇ ਆਮ ਹੈ ਜਿਹਨਾਂ ਵਿੱਚ COVID-19 ਦੇ ਗੰਭੀਰ ਲੱਛਣ ਸਨ, ਖਾਸ ਕਰਕੇ ਉਹ ਜਿਹਨਾਂ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਸੀ। ਉਹ ਲੋਕ ਜਿਹਨਾਂ ਨੇ COVID-19 ਸੰਕਰਮਣ ਦੇ ਦੌਰਾਨ ਜਾਂ ਬਾਅਦ ਵਿੱਚ ਮਲਟੀਸਿਸਟਮ ਇਨਫਲੇਮੇਟਰੀ ਸਿੰਡਰੋਮ ਦਾ ਅਨੁਭਵ ਕੀਤਾ ਸੀ, ਉਹਨਾਂ ਨੂੰ ਲੌਂਗ COVID ਹੋਣ ਦਾ ਖ਼ਤਰਾ ਵੱਧ ਹੋ ਸਕਦਾ ਹੈ। ਔਰਤਾਂ, ਬਜ਼ੁਰਗਾਂ, ਪੁਰਣੀਆਂ ਬਿਮਾਰੀਆਂ ਤੋਂ ਪੀੜਤ ਲੋਕ ਅਤੇ ਉਹ ਲੋਕ ਜਿਹਨਾਂ ਨੇ ਵੈਕਸੀਨ ਨਹੀਂ ਲਗਵਾਈ ਹੈ, ਉਹਨਾਂ ਨੂੰ ਵੀ ਲੌਂਗ COVID ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਜਿਹਨਾਂ ਲੋਕਾਂ ਨੂੰ ਕਈ ਵਾਰ COVID-19 ਹੋ ਚੁੱਕਾ ਹੈ, ਉਹਨਾਂ ਦੀ ਸਿਹਤ ਨੂੰ ਲੌਂਗ COVID ਸਮੇਤ ਹੋਰ ਵੀ ਕਈ ਜ਼ੋਖ਼ਮ ਹੋ ਸਕਦੇ ਹਨ।
ਲੌਂਗ COVID ਤੋਂ ਰੋਕਥਾਮ
COVID-19 ਦੇ ਸੰਕਰਮਣ ਤੋਂ ਬਚਣਾ ਹੀ ਲੌਂਗ COVID ਤੋਂ ਰੋਕਥਾਮ ਦਾ ਸਭ ਤੋਂ ਵਧੀਆ ਤਰੀਕਾ ਹੈ। ਆਪਣੇ ਹੱਥਾਂ ਨੂੰ ਧੋ ਕੇ, ਭੀੜ ਵਿੱਚ ਮਾਸਕ ਪਹਿਨ ਕੇ, ਬਿਮਾਰ ਹੋਣ 'ਤੇ ਘਰ ਵਿੱਚ ਰਹਿ ਕੇ, ਅਤੇ ਸਿਫਾਰਸ਼ ਕੀਤੀਆਂ ਵੈਕਸੀਨਾਂ ਅਤੇ ਬੂਸਟਰ ਖੁਰਾਕਾਂ ਪ੍ਰਾਪਤ ਕਰਕੇ ਖੁਦ ਨੂੰ ਅਤੇ ਦੂਜਿਆਂ ਨੂੰ COVID-19 ਤੋਂ ਬਚਾਓ।
ਵੈਕਸੀਨ ਲਗਵਾਉਣ ਦੇ ਬਾਵਜੂਦ ਜਿਹਨਾਂ ਲੋਕਾਂ ਨੂੰ COVID-19 ਹੋਇਆ ਹੈ, ਉਹਨਾਂ ਨੂੰ ਵੈਕਸੀਨ ਨਾ ਲਗਵਾਉਣ ਵਾਲੇ ਲੋਕਾਂ ਦੇ ਮੁਕਾਬਲੇ ਲੌਂਗ COVID ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।
COVID-19 ਦੀ ਵੈਕਸੀਨ ਪ੍ਰਾਪਤ ਕਰਨ ਬਾਰੇ ਜਾਣੋ
ਲੌਂਗ COVID ਦਾ ਇਲਾਜ
ਲੌਂਗ COVID ਦਾ ਇਲਾਜ ਕਰਨਾ ਮੁਸ਼ਕਲ ਹੋ ਸਕਦਾ ਹੈ। ਲੱਛਣਾਂ ਦਾ ਵਰਣਨ ਕਰਨਾ ਮਰੀਜ਼ਾਂ ਲਈ ਮੁਸ਼ਕਲ ਹੋ ਸਕਦਾ ਹੈ। ਇਲਾਜ ਕਰਨ ਲਈ ਕੋਈ ਪ੍ਰਯੋਗਸ਼ਾਲਾ ਟੈਸਟ ਜਾਂ ਇਮੇਜਿੰਗ ਅਧਿਐਨ ਮੌਜੂਦ ਨਹੀਂ ਹੈ। ਭਾਵੇਂ ਕਿਸੇ ਮਰੀਜ਼ ਨੂੰ ਲੌਂਗ COVID ਹੈ, ਪਰ ਮੈਡੀਕਲ ਟੈਸਟ ਉਸ ਦਾ ਪਤਾ ਲਗਾਉਣ ਵਿੱਚ ਅਸਫਲ ਹੋ ਸਕਦੇ ਹਨ।
ਕੁਝ ਲੋਕ ਜੋ ਲੌਂਗ COVID ਦੇ ਲੱਛਣਾਂ ਦੀ ਰਿਪੋਰਟ ਕਰਦੇ ਹਨ, ਉਹਨਾਂ ਵਿੱਚ COVID-19 ਦੇ ਲੱਛਣ ਦੇਖਣ ਨੂੰ ਨਹੀਂ ਮਿਲੇ ਹਨ ਅਤੇ ਜਦੋਂ ਉਹ ਸ਼ੁਰੂ ਵਿੱਚ ਬਿਮਾਰ ਸਨ ਤਾਂ ਉਹਨਾਂ ਨੇ COVID-19 ਲਈ ਟੈਸਟ ਨਹੀਂ ਕਰਵਾਇਆ ਸੀ। ਇਸ ਨਾਲ ਇਹ ਪੁਸ਼ਟੀ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਉਹਨਾਂ ਨੂੰ COVID-19 ਸੀ ਜਾਂ ਨਹੀਂ ਅਤੇ ਇਸ ਕਾਰਨ ਲੌਂਗ COVID ਦੇ ਇਲਾਜ ਵਿੱਚ ਰੁਕਾਵਟ ਜਾਂ ਦੇਰੀ ਆ ਸਕਦੀ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ COVID-19 ਲਈ ਟੈਸਟ ਕਰਵਾਓ ਤਾਂ ਜੋ ਬਾਅਦ ਵਿੱਚ ਲੌਂਗ COVID ਹੋਣ ਦੀ ਸਥਿਤੀ ਵਿੱਚ ਤੁਹਾਨੂੰ ਇਲਾਜ ਪ੍ਰਦਾਨ ਕੀਤਾ ਜਾ ਸਕੇ।
ਮਰੀਜ਼ ਲਈ ਸੁਝਾਅ: ਪੋਸਟ-COVID ਸਥਿਤੀਆਂ ਲਈ ਸਿਹਤ ਸੰਭਾਲ ਪ੍ਰਦਾਤਾ ਦੀਆਂ ਅਪੌਂਇਂਟਮੈਂਟਾਂ (ਅੰਗਰੇਜ਼ੀ ਵਿੱਚ)
ਸਿਹਤ ਸੰਬੰਧੀ ਨਵੀਆਂ ਅਤੇ ਪੁਰਾਣੀਆਂ ਸਮੱਸਿਆਵਾਂ
COVID-19 ਦਾ ਸੰਕਰਮਣ ਕਈ ਅੰਗ ਪ੍ਰਣਾਲੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਕਈ ਵਾਰ ਆਟੋਇਮਿਊਨ ਵਿਕਾਰ ਨੂੰ ਸ਼ੁਰੂ ਕਰ ਸਕਦਾ ਹੈ ਜੋ ਅੱਗੇ ਲੌਂਗ COVID ਦਾ ਕਾਰਨ ਬਣ ਸਕਦਾ ਹੈ। ਆਟੋਇਮਿਊਨ ਵਿਕਾਰ ਉਦੋਂ ਹੁੰਦਾ ਹੈ ਜਦੋਂ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਸਰੀਰ ਦੇ ਪ੍ਰਭਾਵਿਤ ਭਾਗਾਂ ਵਿੱਚ ਜਲਣ ਜਾਂ ਟਿਸ਼ੂ ਨੂੰ ਨੁਕਸਾਨ ਪਹੁੰਚਾਉਣ ਲਗਦੀ ਹੈ। ਇਸਦਾ ਮਤਲਬ ਇਹ ਹੈ ਕਿ ਜਿਹਨਾਂ ਲੋਕਾਂ ਨੂੰ COVID-19 ਹੋਇਆ ਸੀ, ਉਹਨਾਂ ਦੀ ਸਿਹਤ ਲਈ ਨਵੀਆਂ ਸ਼ਿਕਾਇਤਾਂ ਪੈਦਾ ਹੋ ਸਕਦੀਆਂ ਹਨ, ਜਿਵੇਂ ਕਿ ਡਾਇਬਿਟੀਜ਼ ਜਾਂ ਦਿਲ ਦੀਆਂ ਬਿਮਾਰੀਆਂ। ਪਹਿਲਾਂ ਤੋਂ ਮੌਜੂਦ ਬਿਮਾਰੀਆਂ ਜਿਵੇਂ ਕਿ ਡਾਇਬਿਟੀਜ਼ ਅਤੇ ਦਿਲ ਦੀ ਬਿਮਾਰੀ, COVID-19 ਦੇ ਸੰਕਰਮਣ ਤੋਂ ਬਾਅਦ ਹੋਰ ਵੀ ਬਦਤਰ ਹੋ ਸਕਦੀਆਂ ਹਨ।
ਲੌਂਗ COVID ਅਤੇ ਅਪੰਗਤਾ ਅਧਿਕਾਰ
ਲੌਂਗ COVID ਦੇ ਕਾਰਨ ਸਰੀਰਕ ਅਤੇ ਮਾਨਸਿਕ ਅਪੰਗਤਾਵਾਂ ਪੈਦਾ ਹੋ ਸਕਦੀਆਂ ਹਨ ਅਤੇ ਇਸਨੂੰ Americans with Disabilities Act (ADA, ਅਮਰੀਕੀ ਅਪੰਗਤਾ ਐਕਟ) ਦੇ ਤਹਿਤ ਅਪੰਗਤਾ ਮੰਨਿਆ ਜਾਂਦਾ ਹੈ। ਲੌਂਗ COVID ਨਾਲ ਪੀੜਤ ਲੋਕ ਕਾਨੂੰਨੀ ਤੌਰ 'ਤੇ ਅਪੰਗਤਾ ਸੰਬੰਧੀ ਭੇਦਭਾਵ ਤੋਂ ਸੁਰੱਖਿਅਤ ਹਨ। ਉਹ ਲੌਂਗ COVID ਨਾਲ ਸੰਬੰਧਿਤ ਸੀਮਾਵਾਂ ਨੂੰ ਅਨੁਕੂਲ ਬਣਾਉਣ ਲਈ ਕਾਰੋਬਾਰਾਂ, ਰਾਜ ਅਤੇ ਸਥਾਨਕ ਸਰਕਾਰਾਂ ਤੋਂ ਵਾਜਬ ਸੋਧਾਂ ਦੇ ਹੱਕਦਾਰ ਹੋ ਸਕਦੇ ਹਨ।
ADA ਦੇ ਅਧੀਨ ਇੱਕ ਅਪੰਗਤਾ ਦੇ ਤੌਰ 'ਤੇ “ਲੌਂਗ COVID” ਬਾਰੇ ਹਿਦਾਇਤਾਂ (ਅੰਗਰੇਜ਼ੀ ਵਿੱਚ)
ਲੌਂਗ COVID ਅਤੇ ਗਰਭ-ਅਵਸਥਾ
ਗਰਭਵਤੀ ਅਤੇ ਹਾਲ ਹੀ ਵਿੱਚ ਗਰਭਵਤੀ ਹੋਈਆਂ ਔਰਤਾਂ ਦੀ COVID-19 ਨਾਲ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। COVID-19 ਅਜਿਹੀਆਂ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ ਜੋ ਗਰਭ-ਅਵਸਥਾ ਅਤੇ ਵਿਕਸਿਤ ਹੋ ਰਹੇ ਬੱਚੇ ਨੂੰ ਪ੍ਰਭਾਵਿਤ ਕਰਦੀਆਂ ਹਨ।
ਇਸ ਬਾਰੇ ਅਜੇ ਵੀ ਬਹੁਤ ਘੱਟ ਜਾਣਕਾਰੀ ਉਪਲਬਧ ਹੈ ਕਿ COVID ਗਰਭ-ਅਵਸਥਾ ਨੂੰ ਕਿੰਨੇ ਸਮੇਂ ਤੱਕ ਪ੍ਰਭਾਵਿਤ ਕਰ ਸਕਦਾ ਹੈ। National Institutes of Health (NIH, ਰਾਸ਼ਟਰੀ ਸਿਹਤ ਸੰਸਥਾਨ) (ਅੰਗਰੇਜ਼ੀ ਵਿੱਚ) ਉਹਨਾਂ ਔਰਤਾਂ ਅਤੇ ਉਹਨਾਂ ਦੀ ਸੰਤਾਨ ਵਿੱਚ COVID-19 ਦੇ ਲੰਬੇ ਸਮੇਂ ਤੱਕ ਚੱਲਣ ਦੇ ਪ੍ਰਭਾਵਾਂ ਬਾਰੇ 4-ਸਾਲ ਦਾ ਅਧਿਐਨ ਕਰੇਗਾ ਜਿਹਨਾਂ ਨੂੰ ਗਰਭਵਤੀ ਹੋਣ ਦੌਰਾਨ COVID-19 ਹੋਇਆ ਸੀ।
ਲੌਂਗ COVID ਅਤੇ ਨੌਜਵਾਨ
ਨੌਜਵਾਨ ਵੀ ਲੌਂਗ COVID ਦੇ ਸ਼ਿਕਾਰ ਹੋ ਸਕਦੇ ਹਨ। ਜਿਹੜੇ ਨੌਜਵਾਨ ਲੌਂਗ COVID ਦੇ ਲੱਛਣ ਜਿਵੇਂ ਕਿ ਥਕਾਵਟ ਅਤੇ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ ਦਾ ਅਨੁਭਵ ਕਰ ਰਹੇ ਹਨ ਉਹਨਾਂ ਨੂੰ ਸਕੂਲ ਅਤੇ ਹੋਰ ਗਤੀਵਿਧੀਆਂ ਵਿੱਚ ਭਾਗ ਲੈਣ ਵਿੱਚ ਦਿੱਕਤ ਪੇਸ਼ ਆ ਸਕਦੀ ਹੈ। ਛੋਟੇ ਬੱਚਿਆਂ ਨੂੰ ਆਪਣੇ ਲੱਛਣਾਂ ਬਾਰੇ ਦੱਸਣ ਵਿੱਚ ਮੁਸ਼ਕਲ ਆ ਸਕਦੀ ਹੈ।
ਲੌਂਗ COVID ਨਾਲ ਜੂਝ ਰਹੇ ਬੱਚੇ, 2 ਫੈਡਰਲ ਕਾਨੂੰਨਾਂ (ਅੰਗਰੇਜ਼ੀ ਵਿੱਚ) ਦੇ ਤਹਿਤ ਵਿਸ਼ੇਸ਼ ਸਿੱਖਿਆ, ਸੁਰੱਖਿਆਵਾਂ ਜਾਂ ਸੰਬੰਧਿਤ ਸੇਵਾਵਾਂ ਲਈ ਯੋਗ ਹੋ ਸਕਦੇ ਹਨ।
ਨੌਜਵਾਨਾਂ ਨੂੰ COVID-19 ਦੀ ਵੈਕਸੀਨ ਲਗਵਾਉਣਾ ਉਹਨਾਂ ਨੂੰ ਲੌਂਗ COVID ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।
ਨੌਜਵਾਨਾਂ ਨੂੰ ਵੈਕਸੀਨ ਲਗਵਾਉਣ ਬਾਰੇ ਹੋਰ ਜਾਣੋ।
ਡਾਕਟਰਾਂ ਲਈ ਜਾਣਕਾਰੀ
- ਰਿਕਵਰ: ਰਿਕਵਰੀ ਨੂੰ ਵਧਾਉਣ ਲਈ COVID ਦਾ ਸੋਧ ਕਰਨਾ (ਅੰਗਰੇਜ਼ੀ ਵਿੱਚ): National Institutes of Health (NIH) ਦੁਆਰਾ ਲੌਂਗ COVID ਉੱਤੇ ਸੋਧ ਕਰਨ ਵਿੱਚ ਸਹੂਲਤ ਪ੍ਰਦਾਨ ਕਰਨ ਲਈ ਬਣਾਇਆ ਗਿਆ।
- ਪੋਸਟ-COVID ਸਥਿਤੀਆਂ: ਸਿਹਤ-ਸੰਭਾਲ ਪ੍ਰਦਾਤਾਵਾਂ ਲਈ ਜਾਣਕਾਰੀ (ਅੰਗਰੇਜ਼ੀ ਵਿੱਚ): Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਦੁਆਰਾ ਸਿਹਤ-ਸੰਭਾਲ ਪ੍ਰਦਾਤਾਵਾਂ ਲਈ ਬਣਾਈ ਗਈ ਸੰਖੇਪ ਜਾਣਕਾਰੀ।
- ਪੋਸਟ-COVID ਸਥਿਤੀਆਂ: CDC ਵਿਗਿਆਨ (ਅੰਗਰੇਜ਼ੀ ਵਿੱਚ) ਲੌਂਗ COVID ਦੇ ਵਿਗਿਆਨ ਦਾ ਸੰਖੇਪ ਅਤੇ ਪੋਸਟ-COVID ਸਥਿਤੀਆਂ 'ਤੇ ਕਲੀਨਿਕਲ ਵੈਬਿਨਾਰ ਦੇ ਲਿੰਕ।